Essay on Increasing Population in Punjabi Language : In this article, we are providing ਵਧਦੀ ਅਬਾਦੀ ਦੀ ਸਮੱਸਿਆ ਤੇ ਲੇਖ for students. Punjabi ...
Punjabi Essay on "Increasing Population", “ਵਧਦੀ ਅਬਾਦੀ ਦੀ ਸਮੱਸਿਆ ਤੇ ਲੇਖ”, “Vaddi abadi di samasya” Punjabi Essay for Class 5, 6, 7, 8, 9 and 10
ਅਜੋਕੇ ਭਾਰਤ ਦੀਆਂ ਗੰਭੀਰ ਸਮੱਸਿਆਵਾਂ ਵਿੱਚੋਂ ਪ੍ਰਮੁੱਖ ਹੈ ਵਧ ਰਹੀ ਜਨ-ਸੰਖਿਆ। ਭਾਰਤ ਨੂੰ ਵੈਸੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਧ ਰਹੀ ਜਨ-ਸੰਖਿਆ ਸਭ ਤੋਂ ਗੰਭੀਰ ਸਮੱਸਿਆ ਹੈ। ਭਾਰਤ ਵਿੱਚ ਹਰ ਡੇਢ ਸਕਿੰਟ ਪਿੱਛੋਂ ਬੱਚਾ ਪੈਦਾ ਹੋ ਜਾਂਦਾ ਹੈ। ਇਸ ਹਿਸਾਬ ਨਾਲ ਲਗ-ਪਗ 70,000 ਬੱਚੇ ਹਰ ਰੋਜ਼ ਜਨਮ ਲੈਂਦੇ ਹਨ। ਇਸ ਅਬਾਦੀ ਦੇ ਵਾਧੇ ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ। ਅਬਾਦੀ ਦੇ ਵਾਧੇ ਨਾਲ ਅਨਾਜ ਅਤੇ ਹੋਰ ਜ਼ਰੂਰੀ ਵਸਤਾਂ ਦੀ ਮੰਗ ਵਧਦੀ ਹੈ। ਅਨਾਜ ਦੀ ਕਮੀ ਵੀ ਹੁੰਦੀ ਹੈ । ਇਸੇ ਕਾਰਨ ਲੋਕਾਂ ਨੂੰ ਮਕਾਨ, ਪੀਣ ਵਾਲਾ ਪਾਣੀ ਆਦਿ ਮੁਢਲੀਆਂ ਸਹੂਲਤਾਂ ਦੇਣ ਵਿੱਚ ਵੀ ਔਖ ਮਹਿਸੂਸ ਹੁੰਦੀ ਹੈ।
ਜੇ ਭਾਰਤ ਦੇਸ਼ ਦੀ ਅਬਾਦੀ 1951 ਈ. ਵਿੱਚ 35 .67 ਕਰੋੜ ਸੀ ਤਾਂ 1979 ਈ. ਵਿੱਚ 55 ਕਰੋੜ ਹੋ ਗਈ। ਇਸ ਤਰ੍ਹਾਂ ਵੀਹਾਂ ਸਾਲਾਂ ਵਿੱਚ ਲਗ-ਪਗ 20 ਕਰੋੜ ਮਨੁੱਖਾਂ ਦਾ ਵਾਧਾ ਹੋਇਆ। ਹੁਣ ਅਜੋਕੇ ਭਾਰਤ ਦੀ ਅਬਾਦੀ ਇੱਕ ਅਰਬ ਤੋਂ ਉੱਪਰ ਹੈ। ਇਹ ਅਬਾਦੀ ਗੰਭੀਰ ਸਮੱਸਿਆ ਦਾ ਰੂਪ ਲੈਂਦੀ ਜਾ ਰਹੀ ਹੈ।
ਵਧਦੀ ਵੱਸੋਂ ਦਾ ਸਿੱਧਾ ਅਸਰ ਅੰਨ ’ਤੇ ਪੈਂਦਾ ਹੈ। ਅੰਨ ਉਪਜਾਉਣ ਵਾਲੀ ਧਰਤੀ ਤਾਂ ਓਨੀ ਹੀ ਰਹਿੰਦੀ ਹੈ ਪਰੰਤੂ ਲੋਕ ਵਧਦੇ ਜਾਂਦੇ ਹਨ। ਸਗੋਂ ਵਧ ਰਹੀ ਵੱਸੋਂ ਲਈ ਰਹਾਇਸ਼ੀ ਮਕਾਨ ਬਣਨ ਕਰਕੇ ਖੇਤੀ ਵਾਲੀ ਜ਼ਮੀਨ ਘਟਦੀ ਜਾ ਰਹੀ ਹੈ। ਜਿਉਂ-ਜਿਉਂ ਅਬਾਦੀ ਵਧਦੀ ਜਾ ਰਹੀ ਹੈ, ਬੇਰੁਜ਼ਗਾਰ ਲੋਕ ਕੰਮ-ਕਾਰ ਲਈ ਹੱਥ-ਪੈਰ ਮਾਰਦੇ ਹਨ-ਸਿਫ਼ਾਰਸ਼ਾਂ ਪੁਆਉਂਦੇ ਹਨ, ਰਿਸ਼ਵਤਾਂ ਦਿੰਦੇ ਹਨ। ਇਵੇਂ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ। ਵੱਡੇ ਪਰਿਵਾਰਾਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਕਰ ਸਕਦੇ। ਫਲਸਰੂਪ ਉਹ ਸਿਹਤ ਅਤੇ ਸ਼ਖ਼ਸੀ ਵਿਕਾਸ ਪੱਖੋਂ ਅਣਵਿਕਸਿਤ ਰਹਿ ਜਾਂਦੇ ਹਨ।
ਆਰਥਿਕ ਤੰਗੀ ਕਾਰਨ ਮਾਪੇ ਆਪਣੇ ਸਾਰੇ ਬੱਚਿਆਂ ਨੂੰ ਵਿੱਦਿਆ ਨਹੀਂ ਦੇ ਸਕਦੇ। ਭਾਰਤ ਵਿੱਚ ਅਨਪੜ੍ਹ ਪਹਿਲਾਂ ਹੀ ਜ਼ਿਆਦਾ ਹਨ। ਅਨਪੜ੍ਹਤਾ ਮਨੁੱਖਤਾ ਨੂੰ ਪੈਦਾਵਾਰ ਦੇ ਵਸੀਲਿਆਂ ਦੀ ਉਪਯੋਗਤਾ ਤੋਂ ਅਨਜਾਣ ਰੱਖਦੀ ਹੈ। ਭਾਰਤ ਵਿੱਚ ਅਨੜਤਾ ਦੀ ਭਰਮਾਰ ਹੈ। ਆਮ ਭਾਰਤੀ ਗ਼ਰੀਬ ਹੈ ਤੇ ਅਬਾਦੀ ਦਾ ਵਾਧਾ ਇਸ ਨੂੰ ਹੋਰ ਗ਼ਰੀਬ ਬਣਾ ਰਿਹਾ ਹੈ। ਇਸ ਲਈ ਸਾਰੇ ਭਾਰਤੀਆਂ ਦਾ ਪਹਿਲਾ ਮਹੱਤਵਪੂਰਨ ਕਰਤੱਵ ਇਹ ਹੈ ਕਿ ਅਬਾਦੀ ਦੇ ਵਾਧੇ ਨੂੰ ਠੱਲ੍ਹ ਪਾਈ ਜਾਵੇ। ਇਸ ਲਈ ਸਾਨੂੰ ਠੋਸ ਕਦਮ ਚੁੱਕਣੇ ਪੈਣਗੇ।
ਸਾਡੇ ਦੇਸ ਵਿੱਚ ਅਜੇ ਵੀ ਇਹ ਗੱਲ ਪ੍ਰਚਲਿਤ ਹੈ ਕਿ ਬੱਚਾ ਰੱਬ ਦੀ ਦਾਤ ਹੈ। ਇਸ ਨੂੰ ਮੋੜਨਾ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਣਾ ਹੈ। ਇਹੋ-ਜਿਹੇ ਵਿਚਾਰ ਭਾਰਤੀਆਂ ਦੀ ਅਨਪੜ੍ਹਤਾ ਦੇ ਫਲਸਰੂਪ ਹਨ। ਗ਼ਰੀਬ ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਸਾਧਨ ਸਮਝਦੇ ਹਨ।ਉਹ ਸੋਚਦੇ ਹਨ ਕਿ ਜਿੰਨੇ ਜ਼ਿਆਦਾ ਹੱਥ ਹੋਣਗੇ ਉਹ ਓਨੀ ਜ਼ਿਆਦਾ ਕਮਾਈ ਕਰ ਸਕਣਗੇ। ਛੋਟੀ ਉਮਰ ਦੇ ਵਿਆਹ ਵੀ ਅਬਾਦੀ ਵਿੱਚ ਵਾਧੇ ਦਾ ਕਾਰਨ ਬਣਦੇ ਹਨ।
ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਸਰਕਾਰ ਨੂੰ ਸਾਰੇ ਦੇਸ ਵਿੱਚ ‘ਪਰਿਵਾਰ- ਨਿਯੋਜਨ’ ਦਾ ਪ੍ਰਚਾਰ ਪੂਰੇ ਜ਼ੋਰ ਨਾਲ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਇਸ ਦਾ ਪ੍ਰਚਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕੀਤਾ ਜਾਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਿੰਦੁਸਤਾਨ ਦੀ ਅਬਾਦੀ ਦਾ ਅੱਧੇ ਤੋਂ ਵੱਧ ਹਿੱਸਾ ਪਿੰਡਾਂ ਵਿੱਚ ਨਿਵਾਸ ਕਰਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਲੋਕ ਪਰਿਵਾਰ-ਨਿਯੋਜਨ ਦੇ ਸਹੀ ਢੰਗ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣ।
ਅਬਾਦੀ ਦੀ ਰੋਕ ਲਈ ਚਿਰਾਕੇ ਵਿਆਹ ਵੀ ਲਾਭਕਾਰੀ ਸਿੱਧ ਹੋ ਸਕਦੇ ਹਨ। ਅੱਜ-ਕੱਲ੍ਹ ਆਮ ਕਰਕੇ 18 ਸਾਲ ਦੀ ਲੜਕੀ ਤੇ 21 ਸਾਲ ਦੇ ਲੜਕੇ ਦਾ ਵਿਆਹ ਕੀਤਾ ਜਾਂਦਾ ਹੈ । ਥੋੜੀ ਵੱਡੀ ਉਮਰ ਦੇ ਵਿਆਹੁਤਾ ਜੋੜੇ ਜੀਵਨ ਦੀਆਂ ਕੌੜੀਆਂ ਸਚਾਈਆਂ ਜਾਣ ਚੁੱਕੇ ਹੁੰਦੇ ਹਨ। ਦੂਜੇ, ਹਰ ਵਿਆਹੁਤਾ ਜੋੜੇ ਨੂੰ ਚਾਹੀਦਾ ਹੈ ਕਿ ਉਹ ਇੱਕ ਬੱਚੇ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਸਾਲ ਬਾਅਦ ਅਗਲਾ ਬੱਚਾ ਪੈਦਾ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕਨੂੰਨ ਬਣਾ ਕੇ ਉਸ ਦੀ ਸਖ਼ਤੀ ਨਾਲ ਪਾਲਣਾ ਕਰੇ। ਭਾਰਤ ਨੂੰ ਬਰਬਾਦੀ ਦੇ ਜਿੰਨ ਤੋਂ ਬਚਾਉਣ ਲਈ ਅਬਾਦੀ ਦੀ ਰੋਕ ਅਤਿ ਜ਼ਰੂਰੀ ਹੈ। ਇਸ ਤਿ ਹਰ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਸ ਦੇ ਅਜਿਹੇ ਭਿਆਨਕ ਸਿੱਟੇ ਨਿਕਲਣਗੇ ਜੋ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ।
COMMENTS